ਗੁਣਾ ਦਾ ਭੰਡਾਰ ਅੱਕ ਦਾ ਬੂਟਾ
ਭਾਈ ਗੁਰਦਾਸ ਜੀ ਨੇ ਫੁਰਮਾਇਆ ਹੈ " ਸਾਵਣ ਵਣ ਹਰਿਆਵਲੇ ਅਕੁ ਜੰਮੇ
ਆਉੜੀ ।" ਭਾਵ ਇਹ ਅੱਕ ਦਾ ਬੂਟਾ
ਔੜ ( ਪਾਣੀ ਦੀ ਕਮੀ ) ਝੱਲ ਲੈਂਦਾ ਹੈ। ਔੜ ਝੱਲ ਲੈਣ ਕਰਕੇ ਹੀ
ਇਹ ਉਜਾੜ ਥਾਵਾਂ ਤੇ ਹੋ ਜਾਂਦਾ ਹੈ ਇਸੇ ਲਈ ਹੀ ਇਹ ਬੂਟਾ ਉਜਾੜ ਦਾ ਪ੍ਰਤੀਕ ਬਣ ਗਿਆ ਹੈ। ਪਰ ਇਸਦੇ ਗੁਣਾਂ ਦਾ ਕੋਈ ਅੰਤ ਨਹੀਂ ਜੋ ਕਿੰਨੇ ਹੀ ਯੁੱਗਾਂ ਤੋਂ ਮਾਨਵਤਾ
ਦੀ ਸੇਵਾ ਕਰ ਰਹੇ ਹਨ।
ਅੱਕ ਦਾ ਬੂਟਾ ਗਰਮ ਤੇ
ਖੁਸ਼ਕ ਜਲਵਾਯੂ ਵਿੱਚ ਮਿਲਦਾ ਹੈ।ਉਰਦੂ ਵਿੱਚ ਇਸਨੂੰ ਮਦਾਰ ਤੇ ਗੁਜਰਾਤੀ ਵਿੱਚ ਆਕੜ ਦੇ ਨਾਮ ਨਾਲ
ਜਾਣਿਆ ਜਾਂਦਾ ਹੈ।ਭਾਰਤ ਤੇ ਪਾਕਿਸਤਾਨ ਵਿੱਚ ਇਹ ਆਮ ਤੌਰ ਤੇ ਉਜਾੜ ਥਾਵਾਂ ਤੇ ਮਿਲਦਾ
ਹੈ।ਇਸ ਤੋਂ ਇਲਾਵਾ
ਅਫਗਾਨਿਸਤਾਨ,ਅਰਬ,ਮਿਸਰ ,ਦੱਖਣੀ ਚੀਨ ਤੇ ਦੱਖਣੀ
ਅਫਰੀਕਾ ਵਿੱਚ ਇਸਦੇ ਪੌਦੇ ਆਮ ਵੇਖੇ ਜਾ ਸਕਦੇ ਹਨ।ਆਮ ਤੌਰ ਤੇ ਇਸ ਦੀਆਂ ਦੋ ਕਿਸਮਾਂ ਹਨ: ਕੈਲੋਟਰੋਪਿਸ ਪਰੋਸੇਰਾ ਤੇ
ਕੈਲੋਟਰੋਪਿਸ ਗਿਗਨੇਟੀਆ।ਭਾਰਤ ਵਿੱਚ ਕੈਲੋਟਰੋਪਿਸ ਪਰੋਸੇਰਾ ਜ਼ਿਆਦਾ ਪਾਇਆ ਜਾਂਦਾ ਹੈ।
• ਜੜ੍ਹ :- ਇਸਦੀ ਜੜ੍ਹ ਨੂੰ ਦਾਤਣ ਕਰਨ ਲਈ ਵਰਤਿਆ ਜਾਂਦਾ ਹੈ।ਇਹ ਦੰਦਾਂ ਨੂੰ ਮਜ਼ਬੂਤ ਰੱਖਦੀ ਹੈ ਤੇ ਦੰਦਾਂ ਦੀਆਂ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ।ਇਸਦੀ ਜੜ੍ਹ ਦੀ ਵਰਤੋਂ ਸਾਹ ਤੇ ਕਬਜ਼ ਦੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ।
• ਤਣਾ :- ਇਸਦਾ ਤਣਾ ਵੀ ਕਾਫੀ ਗੁਣਕਾਰੀ ਹੁੰਦਾ ਹੈ ਤੇ ਇਸਦੀ ਵਰਤੋਂ ਪੇਟ ਨਾਲ ਸੰਬੰਧਿਤ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ।ਇਸ ਦੇ ਤਣੇ ਦੀ ਛਿੱਲ ਤੋਂ ਬਾਰ ਨਾਂ ਦੀ ਸ਼ਰਾਬ ਵੀ ਬਣਾਈ ਜਾਂਦੀ ਹੈ।
• ਪੱਤੇ :- ਅੱਕ ਦੇ ਪੱਤਿਆਂ ਦਾ ਜ਼ਿਕਰ ਮਹਾਭਾਰਤ ਵਿੱਚ ਵੀ ਮਿਲਦਾ ਹੈ।ਇਸ ਦੀ ਸਹੀ ਮਿਕਦਾਰ ਵਿੱਚ ਕਿਸੇ ਦੀ ਸਹੀ ਨਿਗਰਾਨੀ ਵਿੱਚ ਕੀਤੀ ਵਰਤੋਂ ਮੋਟਾਪਾ ਘਟਾਉਣ ਵਿੱਚ ਲਾਭਦਾਇਕ ਹੈ।ਪਰ ਇਸਦੀ ਜ਼ਿਆਦਾ ਵਰਤੋਂ ਅੱਖਾਂ ਦੀ ਰੌਸ਼ਨੀ ਹੌਲੀ ਹੌਲੀ ਖਤਮ ਕਰ ਦਿੰਦੀ ਹੈ।ਬੁਖਾਰ ਨਾਂ ਟੁੱਟ ਰਿਹਾ ਹੋਵੇ ਤਾਂ ਪੱਤਿਆਂ ਦੇ ਰਸ ਦੀਆਂ ਇੱਕ ਤੋਂ ਚਾਰ ਬੂੰਦਾਂ ਕਿਸੇ ਮਾਹਿਰ ਦੀ ਨਿਗਰਾਨੀ ਵਿੱਚ ਪੀਣ ਨਾਲ ਲਾਭ ਹੁੰਦਾ ਹੈ।ਇਸਦੇ ਪੱਤਿਆਂ ਨੂੰ ਗਰਮ ਕਰ ਕੇ ਸਰੋਂ ਦਾ ਤੇਲ ਲਗਾ ਕੇ ਚਮੜੀ ਅੰਦਰ ਪਲਰਦੇ ਜ਼ਖਮਾਂ ਤੇ ਲਗਾਇਆ ਜਾਂਦਾ ਹੈ।ਇਸਦੀ ਵਰਤੋਂ ਅਧਰੰਗ ਦਾ ਸ਼ਿਕਾਰ ਹੋਏ ਅੰਗਾਂ ਤੇ ਦੁਖਦੇ ਜੋੜਾਂ ਤੇ ਵੀ ਕੀਤੀ ਜਾਂਦੀ ਹੈ ਜਿਸਦੇ ਕਾਫੀ ਵਧੀਆ ਨਤੀਜੇ ਦੇਖਣ ਨੂੰ ਮਿਲਦੇ ਹਨ।
• ਫੁੱਲ :- ਅੱਕ ਦੇ ਫੁੱਲਾਂ ਦੀ ਵਰਤੋਂ ਪੇਟ ਦੀਆਂ ਹਰ ਤਰਾਂ ਦੀਆਂ ਬਿਮਾਰੀਆਂ ਲਈ ਲਾਭਦਾਇਕ ਹਨ।ਆਯੁਰਵੇਦ ਅਨੁਸਾਰ ਇਹ ਕਾਫੀ ਤਾਕਤਵਰ ਤੇ ਹਾਜ਼ਮੇਦਾਰ ਹੁੰਦੇ ਹਨ।ਚੀਨ ਵਿੱਚ ਅੱਕ ਦੇ ਫੁੱਲਾਂ ਨੂੰ ਸਵੀਟ ਮੀਟ ਕਿਹਾ ਜਾਂਦਾ ਹੈ।ਇਸ ਦੇ ਵਿੱਚੋਂ ਰੂੰ ਜਿਹਾ ਪਦਾਰਥ ਨਿਕਲਦਾ ਹੈ ਜਿਸਦੀ ਵਰਤੋਂ ਰਜਾਈਆਂ ਤੇ ਸਿਰਹਾਣੇ ਭਰਨ ਵਿੱਚ ਕੀਤੀ ਜਾਂਦੀ ਹੈ।ਇਹ ਮੰਨਿਆ ਜਾਂਦਾ ਹੈ ਕਿ ਇਸਦਾ ਬਣਿਆ ਸਿਰਹਾਣਾ ਸਿਰ ਹੇਠ ਰੱਖ ਕੇ ਸੌਣ ਨਾਲ ਸਿਰ ਦਰਦ ਦੂਰ ਹੁੰਦਾ ਹੈ।
• ਦੁੱਧ :- ਅੱਕ ਦਾ ਤਾਜ਼ਾ ਦੁੱਧ ਇੱਕ ਭਿਆਨਕ ਜ਼ਹਿਰ ਹੈ।ਸੱਪ ਜਾਂ ਬਿੱਛੂ ਦੇ ਡੰਗਣ ਤੇ ਅੱਕ ਦਾ ਦੁੱਧ ਉਸ ਅੰਗ ਤੇ ਪਾਇਆ ਜਾਂਦਾ ਹੈ ਜੋ ਇੱਕ ਮੁਢਲੇ ਇਲਾਜ ਦੇ ਤੌਰ ਤੇ ਵਰਤਿਆ ਜਾਂਦਾ ਹੈ।ਇਹ ਕੋਹੜ ਵਰਗੀ ਖਤਰਨਾਕ ਬਿਮਾਰੀ ਦੇ ਇਲਾਜ ਵਿੱਚ ਵਰਤਿਆ ਜਾਂਦਾ ਹੈ।ਅੱਕ ਦੇ ਦੁੱਧ ਵਿੱਚ ਇੱਕ ਖਾਸ ਐਨਜ਼ਾਇਮ ਪਾਇਆ ਜਾਂਦਾ ਹੈ ਜੋ ਇਸ ਦੀਆਂ ਵਿਸ਼ੇਸ਼ਤਾਵਾਂ ਦਾ ਮੂਲ ਕਾਰਨ ਹੈ।ਇਹ ਦੁੱਧ ਬਲਗਮ ਖਤਮ ਕਰਦਾ ਹੈ ਤੇ ਕੀਟਾਣੂ ਨਾਸ਼ਕ ਹੈ।ਇਸਦੀ ਵਰਤੋਂ ਅਨੇਕਾਂ ਰੋਗਾਂ ਵਿੱਚ ਕੀਤੀ ਜਾਂਦੀ ਹੈ।
Comments
Post a Comment