Boot Di sharart


Punjabi Kavita-Boot di sharart

ਬੂਟ ਦੀ ਸ਼ਰਾਰਤ

ਦੇਖ ਨਿਲਾਮੀ, ਰਾਹ ਵਿਚ, ਮੈਂ ਭੀ, ਰੁਕਿਆ ਜਾਂਦਾ ਜਾਂਦਾ
ਸਸਤੇ ਮੁੱਲੋਂ ਬੂਟ ਵਲੈਤੀ, ਬੋਲੀ ਦੇ, ਲੈ ਆਂਦਾ
ਰੋਗਨ ਸ਼ੋਗਨ ਕਰ ਲਿਸ਼ਕਾਕੇ, ਪੈਰੀਂ ਜਦੋਂ ਸਜਾਇਆ
ਨਾਲ ਪਜਾਮੇ, ਬੂਟ ਦੇਖਕੇ, ਯਾਰਾਂ ਹਾਸਾ ਪਾਇਆ
ਮਜਬੂਰਨ ਫਿਰ, ਬੂਟ ਵਾਸਤੇ, ਪਿਆ ਸੂਟ ਸਿਲਵਾਣਾ
ਕਾਲਰ, ਟਾਈ, ਸੈਂਟ, ਲਵਿੰਡਰ, ਸਭ ਕੁਝ ਪਿਆ ਮੰਗਾਣਾ
ਫ਼ੌਂਟਿਨ ਪੈੱਨ, ਰੁਮਾਲ, ਨੋਟਬੁਕ, ਐਨਕ, ਘੜੀ ਕਲਾਈ
ਚੈਸਟਰ, ਹੰਟਰ, ਪਨੀਅਰ ਕੁੱਤਾ, ਸਭ ਦੀ ਵਾਰੀ ਆਈ
ਕਈ ਲੇਡੀਆਂ-ਜੰਟਲਮੈਨਾਂ ਨਾਲ ਵਾਕਫ਼ੀ ਹੋਈ
ਪਾਰਟੀਆਂ ਦਾ ਸੱਦਾ ਆਵੇ ਰੋਜ਼ ਕੋਈ ਨਾ ਕੋਈ
ਮੈਨੂੰ ਭੀ ਲਾਚਾਰ ਪਾਰਟੀਆਂ, ਆਪ ਕਰਨੀਆਂ ਪਈਆਂ
ਪਿਰਚ ਪਿਆਲੇ, ਕਾਂਟੇ, ਛੁਰੀਆਂ, ਮੇਜ਼ ਕੁਰਸੀਆਂ ਲਈਆਂ
ਪਰ ਜਦ ਮਿਤਰਾਂ, ਸਾਡੇ ਘਰ ਦਾ ਆਣ ਮਖ਼ੌਲ ਉਡਾਇਆ
ਗ਼ੈਰਤ ਖਾ ਕੇ, ਬੰਗਲਾ ਲੀਤਾ, ਦੁਲਹਨ ਵਾਂਗ ਸਜਾਇਆ
ਫ਼ਰਨੀਚਰਾਂ, ਕਰੌਕਰੀਆਂ ਨੇ ਖ਼ੂਨ 'ਦਿੱਕ' ਸਮ ਪੀਤਾ
ਬਹਿਰੇ ਬਾਵਰਚੀ ਨੇ ਖੀਸਾ ਰਜ ਰਜ ਖਾਲੀ ਕੀਤਾ
ਪਿਓ ਦਾਦੇ ਦੀ ਜਾਇਦਾਦ ਨੂੰ, ਡਾਂਗਾਂ ਦੇ ਗਜ਼ ਦੇ ਕੇ
ਵਿਸ੍ਹਕੀ ਬੋਤਲ ਦੇਵੀ ਅੱਗੇ ਹਸ ਹਸ ਮੱਥੇ ਟੇਕੇ
ਆਖ਼ਰ ਜਦ ਕੁਝ ਰਿਹਾ ਨਾ ਪੱਲੇ, ਸਿਰੇ ਡਿਗਰੀਆਂ ਚੜ੍ਹੀਆਂ
ਪੁਤ ਨੇ ਭੀ ਉਠ ਦਾਵਾ ਕੀਤਾ 'ਲੀਗਲ' ਘੁੰਡੀਆਂ ਪੜ੍ਹੀਆਂ
ਲਾਹ ਕੇ ਬੂਟ ਦੂਰ ਮੈਂ ਸੁਟਿਆ, ਨਾਲੇ ਖੁਲ੍ਹ ਗਈ ਅੱਖੀ
ਸ਼ੁਕਰ ਸ਼ੁਕਰ, ਏ ਸੁਪਨਾ ਹੀ ਸੀ, ਲਾਜ ਪ੍ਰਭੂ ਨੇ ਰੱਖੀ
ਕੰਨਾਂ ਨੂੰ ਹੱਥ ਲਾਯਾ, ਭੈੜੀ ਵਾਦੀ ਪੈਣ ਨ ਦੇਸਾਂ
ਸਾਦਾ 'ਸੁਥਰਾ' ਰਹਿ, ਦੁੱਖਾਂ ਨੂੰ ਜੁੱਤੀ ਹੇਠ ਰਖੇਸਾਂ

Comments

Popular posts from this blog

ਗੁਣਾ ਦਾ ਭੰਡਾਰ ਅੱਕ ਦਾ ਬੂਟਾ

ਕੀਰਤਨ ਸੋਹਿਲਾ